ਮਹਿਬੂਬਾ ਨੇ ਭਾਜਪਾ ਨਾਲੋਂ ਸੰਬੰਧ ਤੋੜਨ ਦੇ ਦਿੱਤੇ ਸੰਕੇਤ

Global News

ਸ਼੍ਰੀਨਗਰ/ਜੰਮੂ - ਜੰਮੂ-ਕਸ਼ਮੀਰ ਵਿਚ ਸਰਕਾਰ ਦੇ ਗਠਨ ਨੂੰ ਲੈ ਕੇ ਸਿਆਸੀ ਰੱਸਾਕਸ਼ੀ ਦਰਮਿਆਨ ਸੂਬੇ ਦੀ ਸਿਆਸਤ ਵਿਚ ਇਕ ਨਵਾਂ ਮੋੜ ਆ ਰਿਹਾ ਹੈ।  ਸ਼ੁੱਕਰਵਾਰ ਨੂੰ ਪੀ. ਡੀ. ਪੀ. ਪ੍ਰਧਾਨ ਮਹਿਬੂਬਾ ਮੁਫਤੀ ਨੇ ਸੰਕੇਤ ਦਿੱਤੇ ਹਨ ਕਿ ਉਹ ਭਾਜਪਾ ਨਾਲ ਸੰਬੰਧ (ਗਠਜੋੜ) ਤੋੜ ਸਕਦੀ ਹੈ। ਉਨ੍ਹਾਂ ਨੇ ਇਸ਼ਾਰਿਆਂ-ਇਸ਼ਾਰਿਆਂ ਵਿਚ ਕਿਹਾ ਕਿ ਜੇਕਰ ਕੇਂਦਰ ਸਰਕਾਰ ਗੱਠਜੋੜ 'ਤੇ ਵਿਸ਼ਵਾਸ ਬਹਾਲੀ ਦੇ ਉਪਾਵਾਂ ਨੂੰ ਲੈ ਕੇ ਕੋਈ ਠੋਸ ਕਦਮ ਨਹੀਂ ਚੁਕਦੀ ਹੈ ਤਾਂ ਸੂਬੇ 'ਚ ਭਾਜਪਾ ਨਾਲ ਪੀ. ਡੀ. ਪੀ. ਦਾ ਸੰਬੰਧ ਟੁੱਟ ਸਕਦਾ ਹੈ।


ਇਕ ਅੰਗਰੇਜ਼ੀ ਅਖਬਾਰ ਅਨੁਸਾਰ ਪਾਰਟੀ ਆਗੂਆਂ ਨਾਲ ਇਕ ਬੈਠਕ ਵਿਚ ਮਹਿਬੂਬਾ ਨੇ ਕਿਹਾ ਕਿ ਨਵੇਂ ਉਪਾਅ ਇਸ ਲਈ ਕੀਤੇ ਜਾ  ਰਹੇ ਹਨ ਤਾਂ ਕਿ ਨਵੀਂ ਸਰਕਾਰ ਦੇ ਸਾਹਮਣੇ ਇਕ ਹਾਂ-ਪੱਖੀ ਮਾਹੌਲ ਬਣਾਇਆ ਜਾ ਸਕੇ ਪਰ  ਇਸਦਾ ਅਰਥ ਇਹ ਨਹੀਂ ਸਮਝਣਾ ਚਾਹੀਦਾ ਹੈ ਕਿ ਇਹ ਬਲੈਕਮੇਲਿੰਗ ਦੀ ਰਣਨੀਤੀ ਹੈ। ਮਹਿਬੂਬਾ ਨੇ ਵਰਕਰਾਂ ਨੂੰ ਕਿਹਾ ਕਿ ਤੁਸੀਂ ਹਵਾ ਵਿਚ ਸਰਕਾਰ ਨਹੀਂ ਬਣਾ ਸਕਦੇ। ਮੁੱਦਾ ਇਹ ਹੈ ਕਿ ਨਵੀਂ ਸਰਕਾਰ ਲਈ ਅਸੀਂ ਕਿਵੇਂ ਢੁੱਕਵਾਂ ਮਾਹੌਲ ਬਣਾਈਏ ਤਾਂ ਜਦੋਂ ਨਵੀਂ ਸਰਕਾਰ ਦਾ ਗਠਨ ਹੋਵੇ ਤਾਂ ਇਹ ਲੋਕਾਂ ਦਰਮਿਆਨ ਸਦਭਾਵਨਾ ਪੈਦਾ ਕਰੇ। ਇਸ ਲਈ ਜ਼ਰੂਰੀ ਹੈ ਕਿ ਤੁਸੀਂ ਸਰਕਾਰ ਦਾ ਸਮਰਥਨ ਕਰੋ। ਜੇਕਰ ਅਸੀਂ ਇਸਨੂੰ ਹਾਸਲ ਕਰ ਲੈਂਦੇ ਤਾਂ ਚੰਗੀ ਗੱਲ ਹੈ ਅਤੇ ਜੇਕਰ ਅਜਿਹਾ ਨਹੀਂ ਕਰ ਸਕਦੇ ਤਾਂ ਅਸੀਂ ਉਹੀ ਕਰਾਂਗੇ ਜੋ ਹੁਣ ਤੱਕ ਕਰਦੇ ਆਏ ਹਾਂ।


ਵਰਣਨਯੋਗ ਹੈ ਕਿ ਮੁਫਤੀ ਮੁਹੰਮਦ ਸਈਦ ਦੇ ਦਿਹਾਂਤ ਮਗਰੋਂ ਹੀ ਸੂਬੇ ਵਿਚ ਸਰਕਾਰ ਦੇ ਗਠਨ ਨੂੰ ਲੈ ਕੇ ਪੀ. ਡੀ. ਪੀ.-ਭਾਜਪਾ ਗੱਠਜੋੜ ਵਿਚ ਨਵੇਂ ਸਿਰਿਓਂ ਖਿਚੋਤਾਣ ਸ਼ੁਰੂ ਹੋ ਗਈ ਹੈ। ਜੰਮੂ ਵਿਚ ਫਿਲਹਾਲ ਰਾਜਪਾਲ  ਰਾਜ ਲਾਗੂ ਹੈ। ਵਿਰੋਧੀ ਪਾਰਟੀ ਦੇ ਤੌਰ 'ਤੇ ਨੈਸ਼ਨਲ ਕਾਨਫਰੰਸ ਅਤੇ ਕਾਂਗਰਸ ਪੀ. ਡੀ. ਪੀ.-ਭਾਜਪਾ 'ਤੇ ਲਗਾਤਾਰ ਸਰਕਾਰ ਬਣਾਉਣ ਨੂੰ ਲੈ ਕੇ ਦਬਾਅ ਪਾ ਰਹੀ ਹੈ।


ਓਧਰ ਮਹਿਬੂਬਾ ਮੁਫਤੀ ਗੱਠਜੋੜ ਸਰਕਾਰ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਨੈਸ਼ਨਲ ਪਾਵਰ ਪ੍ਰਾਜੈਕਟਸ ਨੂੰ ਸੂਬਾ ਸਰਕਾਰ ਨੂੰ ਸੌਂਪਣ ਅਤੇ ਹੋਰ ਪੈਕੇਜ ਨੂੰ ਲੈ ਕੇ ਕੇਂਦਰ ਕੋਲੋਂ ਠੋਸ ਭਰੋਸਾ ਚਾਹੁੰਦੀ ਹੈ। 


ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮਹਿਬੂਬਾ ਭਰੋਸਾ ਬਹਾਲੀ ਦੇ ਜਿਹੜੇ ਉਪਾਵਾਂ ਦੀ ਗੱਲ ਕਰ ਰਹੀ ਹੈ, ਉਨ੍ਹਾਂ ਵਿਚ ਪਾਕਿਸਤਾਨ ਅਤੇ ਵੱਖਵਾਦੀਆਂ ਨਾਲ ਸ਼ਾਂਤੀ ਗੱਲਬਾਤ ਵੀ ਸ਼ਾਮਲ ਹੈ। ਇਸ ਦੌਰਾਨ ਮਹਿਬੂਬਾ ਦੇ ਭਰਾ ਤਸੱਦੁਕ ਹੁਸੈਨ ਵੀ  ਮਹਿਬੂਬਾ ਦੇ ਨਾਲ ਸਨ।