ਈਰਾਨ ਤੋਂ ਪਾਬੰਦੀਆਂ ਹਟਾਉਣ ਦੀ ਕਾਹਲੀ ਨਹੀਂ: ਟਰੂਡੋ

Global News

ਕੈਲਗਰੀ— ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਈਰਾਨ ਖਿਲਾਫ ਲੱਗੀਆਂ ਪਾਬੰਦੀਆਂ ਹਟਾਉਣ ਵਿਚ ਉਨ੍ਹਾਂ ਦਾ ਦੇਸ਼ ਕਿਸੇ ਤਰ੍ਹਾਂ ਦੀ ਜਲਦਬਾਜ਼ੀ ਨਹੀਂ ਕਰਨਾ ਚਾਹੁੰਦਾ। ਕੈਨੇਡਾਈ ਕੰਪਨੀਆਂ ਨੇ ਸਰਕਾਰ ਤੋਂ ਇਸ ਮਾਮਲੇ 'ਤੇ ਛੇਤੀ ਹੀ ਕੋਈ ਫੈਸਲਾ ਕਰਨ ਦੀ ਮੰਗ ਕੀਤੀ ਸੀ ਤਾਂ ਜੋ ਉਹ ਉੱਥੇ ਮਿਲਣ ਵਾਲੇ ਠੇਕਿਆਂ ਲਈ ਮੁਕਾਬਲੇ ਵਿਚ ਉੱਤਰ ਸਕਣ। ਪਿਛਲੇ ਹਫਤੇ ਕੈਨੇਡਾ ਨੇ ਪਹਿਲੀ ਵਾਰ ਇਸ ਦੀ ਪੁਸ਼ਟੀ ਕੀਤੀ ਸੀ ਕਿ ਉਹ ਤਹਿਰਾਨ ਖਿਲਾਫ ਲੱਗੀਆਂ ਪਾਬੰਦੀਆਂ ਨੂੰ ਹਟਾਉਣ ਦੀ ਯੋਜਨਾ ਬਣਾ ਰਹੇ ਹਨ ਅਤੇ ਜਹਾਜ਼ ਨਿਰਮਾਤਾ ਬਾਂਬਾਰਡੀਅਰ ਇੰਕ ਵਰਗੀਆਂ ਕੰਪਨੀਆਂ ਨੂੰ ਈਰਾਨ ਵਿਚ ਵਪਾਰ ਕਰਨ ਦੀ ਆਗਿਆ ਦੇਣ 'ਤੇ ਵਿਚਾਰ ਕੀਤਾ ਜਾਵੇਗਾ। 


ਪਿਛਲੇ ਮਹੀਨੇ ਵਿਸ਼ਵ ਦੀਆਂ ਵੱਡੀਆਂ ਸ਼ਕਤੀਆਂ ਅਤੇ ਈਰਾਨ ਵਿਚ ਪ੍ਰਮਾਣੂੰ ਸਮਝੌਤਾ ਹੋਣ ਤੋਂ ਬਾਅਦ ਅਮਰੀਕਾ, ਯੂਰਪੀ ਸੰਘ ਅਤੇ ਦੂਜੇ ਵੱਡੇ ਦੇਸ਼ਾਂ ਨੇ ਉਸ 'ਤੇ ਲੱਗੀਆਂ ਕੁਝ ਪਾਬੰਦੀਆਂ ਨੂੰ ਹਟਾ ਲਿਆ ਹੈ। ਕੈਲਗਰੀ ਵਿਚ ਤੇਲ ਉਦਯੋਗ ਨਾਲ ਜੁੜੇ ਵਪਾਰੀਆਂ ਨਾਲ ਮੁਲਾਕਾਤ ਤੋਂ ਬਾਅਦ ਟਰੂਡੋ ਨੇ ਪੱਤਰਕਾਰਾਂ ਨੂੰ ਕਿਹਾ ਕਿ ਇਸ ਸਮਝੌਤੇ ਨਾਲ ਈਰਾਨ ਦੀਆਂ ਪ੍ਰਮਾਣੂੰ ਸਮਰੱਥਾਵਾਂ ਨੂੰ ਘੱਟ ਕਰਨ ਵਿਚ ਮਦਦ ਮਿਲੇਗੀ ਪਰ ਜਿਸ ਤਰ੍ਹਾਂ ਉਹ ਅੱਤਵਾਦ ਨੂੰ ਬੜ੍ਹਾਵਾ ਦੇ ਰਿਹਾ ਹੈ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ, ਉਹ ਚਿੰਤਾ ਦਾ ਵਿਸ਼ਾ ਹੈ। 


ਟਰੂਡੋ ਨੇ ਕਿਹਾ ਕਿ ਉਹ ਬਹੁਤ ਸਾਵਧਾਨੀ ਅਤੇ ਵਿਚਾਰ ਕਰਕੇ ਆਪਣੇ ਸਹਿਯੋਗੀਆਂ ਨਾਲ ਤਾਲਮੇਲ ਕਰ ਰਹੇ ਹਨ ਤਾਂ ਜੋ ਈਰਾਨ 'ਤੇ ਲੱਗੀਆਂ ਪਾਬੰਦੀਆਂ ਨੂੰ ਹਟਾਉਣ ਦੀ ਦਿਸ਼ਾ ਵਿਚ ਅੱਗੇ ਵਧਿਆ ਜਾ ਸਕੇ। ਉਨ੍ਹਾਂ ਕਿਹਾ ਕਿ ਉਹ ਕੈਨੇਡਾ ਦੇ ਕਾਰੋਬਾਰੀਆਂ ਦੀ ਦਿਲਚਸਪੀ ਅਤੇ ਲੋੜਾਂ ਬਾਰੇ ਜਾਣਦੇ ਹਨ ਪਰ ਉਹ ਇਸ ਮੁੱਦੇ 'ਤੇ ਸਹੀ ਤਰੀਕੇ ਨਾਲ ਕੰਮ ਕਰ ਰਹੇ ਹਨ, ਜਿਵੇਂ ਕਿ ਕੈਨੇਡਾ ਦੇ ਲੋਕ ਉਨ੍ਹਾਂ ਤੋਂ ਉਮੀਦ ਕਰਦੇ ਹਨ। ਈਰਾਨ ਨੇ ਜਨਵਰੀ ਵਿਚ ਮੁੱਖ ਤੌਰ 'ਤੇ ਜਹਾਜ਼ ਨਿਰਮਾਤਾ ਏਅਰਬਸ ਤੋਂ 160 ਤੋਂ ਵੱਧ ਯੂਰਪੀ ਜਹਾਜ਼ਾਂ ਨੂੰ ਖਰੀਦਣ ਦਾ ਐਲਾਨ ਕੀਤਾ ਹੈ।