ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੋ ਦਿਨਾਂ ਯਾਤਰਾ ਲਈ ਸ਼੍ਰੀਲੰਕਾ ਹੋਈ ਰਵਾਨਾ

Global News

ਨਵੀਂ ਦਿੱਲੀ—  ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੋ ਦਿਨਾਂ ਯਾਤਰਾ 'ਤੇ ਕੋਲੰਬੋ ਰਵਾਨਾ ਹੋ ਗਈ ਹੈ। ਸੁਸ਼ਮਾ ਆਪਣੀ ਦੋ ਦਿਨਾਂ ਯਾਤਰਾ ਦੌਰਾਨ ਮਛੇਰਿਆਂ ਦੇ ਮੁੱਦੇ ਅਤੇ ਘੱਟ ਗਿਣਤੀ ਤਾਮਿਲਾਂ ਦੇ ਅਧਿਕਾਰਾਂ ਦੀ ਗੱਲਬਾਤ ਕਰੇਗੀ। ਮਛੇਰਿਆਂ ਦਾ ਮੁੱਦਾ ਭਾਰਤ-ਸ਼੍ਰੀਲੰਕਾ ਸੰਬੰਧਾਂ ਵਿਚ ਰੁਕਾਵਟ ਬਣਿਆ ਹੋਇਆ ਹੈ। 


ਸੁਸ਼ਮਾ ਸਵਰਾਜ ਅਤੇ ਉਨ੍ਹਾਂ ਦੇ ਸ਼੍ਰੀਲੰਕਾਈ ਹਮ ਅਹੁਦਾ ਮੰਗਲਾ ਸਮਰਵੀਰਾ ਦੋ-ਪੱਖੀ ਅਤੇ ਖੇਤਰੀ ਮਾਮਲਿਆਂ 'ਤੇ ਵੀ ਗੱਲਬਾਤ ਕਰਨਗੇ। ਇਸ ਤੋਂ ਬਾਅਦ ਦੋਵੇਂ ਨੇਤਾ ਕੋਲੰਬੋ ਵਿਚ 9ਵੀਂ ਸੰਯੁਕਤ ਕਮਿਸ਼ਨ ਦੀ ਬੈਠਕ ਦੀ ਸਹਿ ਪ੍ਰਧਾਨਗੀ ਕਰਨਗੇ। ਸੰਯੁਕਤ ਕਮਿਸ਼ਨ ਦੀ ਸਥਾਪਨਾ 1992 ਵਿਚ ਕੀਤੀ ਗਈ ਸੀ ਤਾਂ ਕਿ ਦੋ-ਪੱਖੀ ਸਹਿਯੋਗ ਸੰਬੰਧੀ ਮਾਮਲਿਆਂ ਨਾਲ ਨਜਿੱਠਣ ਲਈ ਇਕ ਤੰਤਰ ਵਿਕਸਿਤ ਕੀਤਾ ਜਾ ਸਕੇ। 


ਸੰਯੁਕਤ ਕਮਿਸ਼ਨ ਦੀ ਆਖਰੀ ਬੈਠਕ ਸਾਲ 2013 ਵਿਚ ਨਵੀਂ ਦਿੱਲੀ 'ਚ ਹੋਈ ਸੀ। ਦੋਵੇਂ ਨੇਤਾਵਾਂ ਸੰਯੁਕਤ ਕਮਿਸ਼ਨ ਦੀ ਬੈਠਕ ਦੌਰਾਨ ਆਰਥਿਕ ਸਹਿਯੋਗ, ਵਪਾਰ, ਊਰਜਾ, ਤਕਨੀਕੀ ਅਤੇ ਸਮੁੰਦਰੀ ਸਹਿਯੋਗ, ਰੱਖਿਆ ਸਹਿਯੋਗ, ਲੋਕਾਂ ਵਿਚ ਆਪਸੀ ਸੰਪਰਕ ਅਤੇ ਸਿੱਖਿਅਕ ਮਾਮਲਿਆਂ ਵਰਗੇ ਦੋ-ਪੱਖੀ ਮਾਮਲਿਆਂ 'ਤੇ ਗੱਲ ਕਰਨਗੇ।