ਪਠਾਨਕੋਟ ਹਮਲੇ ਤੋਂ ਬਾਅਦ ਕਰਾਈ ਗਈ ਸੁਰੱਖਿਆ ਸਮੀਖਿਆ ਰਿਪੋਰਟ 'ਚ ਹੋਇਆ ਖੁਲਾਸਾ

Global News

ਨਵੀਂ ਦਿੱਲੀ/ਪਠਾਨਕੋਟ : ਪਠਾਨਕੋਟ ਏਅਰਬੇਸ 'ਤੇ ਹਾਲ ਹੀ 'ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਕੀਤੀ ਗਈ ਸੁਰੱਖਿਆ ਸਮੀਖਿਆ 'ਚ ਹਵਾਈ ਫੌਜ ਨੇ ਦੇਸ਼ ਦੇ ਸਾਰੇ ਏਅਰਬੇਸਾਂ ਦੀ ਸੁਰੱਖਿਆ ਲਈ ਕਰੀਬ 6800 ਕਰੋੜ ਰੁਪਏ ਦੀ ਲੋੜ ਦੱਸੀ ਹੈ। ਪਠਾਨਕੋਟ ਏਅਰਬੇਸ 'ਤੇ ਹੋਏ ਹਮਲੇ ਦੇ 2 ਦਿਨਾਂ ਬਾਅਦ ਹੀ ਕੇਂਦਰੀ ਰੱਖਿਆ ਮੰਤਰਾਲੇ ਨੇ ਇਸ ਸੁਰੱਖਿਆ ਸਮੀਖਿਆ ਦਾ ਹੁਕਮ ਦਿੱਤਾ ਸੀ। 

ਰੱਖਿਆ ਮੰਤਰੀ ਮਨੋਹਰ ਪਾਰੀਕਰ ਨੇ ਇਸ ਸੰਬੰਧੀ ਨਿਰਦੇਸ਼ ਦਿੱਤੇ ਸਨ। ਸੂਤਰਾਂ ਮੁਤਾਬਕ ਇਸ ਸਮੀਖਿਆ ਰਿਪੋਰਟ 'ਚ ਦੇਸ਼ ਦੇ ਸਾਰੇ ਵੱਡੇ ਏਅਰਬੇਸਾਂ 'ਚ ਵਰਤਮਾਨ ਸੁਰੱਖਿਆ ਪ੍ਰਣਾਲੀ ਨੂੰ ਹੋਰ ਵਧੀਆ ਬਣਾਉਣ ਲਈ ਸਮਾਰਟ ਸਰਵਿਲਾਂਸ ਸਿਸਟਮ (ਨਿਗਰਾਨੀ ਪ੍ਰਣਾਲੀ), ਐਡਵਾਂਸ ਇੰਟਰਯੂਜਨ ਡਿਟੈਕਸ਼ਨ ਸਿਸਟਮ (ਘੁਸਪੈਠ ਦਾ ਪਹਿਲਾਂ ਹੀ ਪਤਾ ਲਗਾਉਣ ਵਾਲੀ ਪ੍ਰਣਾਲੀ) ਅਤੇ ਡਰੋਨ ਤਾਇਨਾਤ ਕਰਨ ਦੀ ਲੋੜ ਦੱਸੀ ਗਈ ਹੈ। 

 

ਇਕ ਹਵਾਈ ਫੌਜ ਦੇ ਅਧਿਕਾਰੀ ਨੇ ਦੱਸਿਆ ਕਿ 54 ਵੱਡੇ ਏਅਰਬੇਸਾਂ 'ਚ ਇਸ ਨਵੀਂ ਸੁਰੱਖਿਆ ਪ੍ਰਣਾਲੀ ਲਈ ਹਰਕੇ 'ਤੇ 100-150 ਕਰੋੜ ਰੁਪਏ ਦਾ ਖਰਚ ਆਵੇਗਾ। ਉਨ੍ਹਾਂ ਨੇ ਕਿਹਾ ਕਿ ਨਵੀਂ ਸੁਰੱਖਿਆ ਪ੍ਰਣਾਲੀ ਸਥਾਪਿਤ ਕਰਨ ਦਾ ਇਹ ਪਹਿਲਾ ਪੱਧਰ ਹੋਵੇਗਾ। ਇਸ ਦੇ ਪਹਿਲੇ ਪੱਧਰ 'ਚ ਸਾਰੇ ਵੱਡੇ ਏਅਰਬੇਸਾਂ ਲਈ ਕਰੀਬ 5400 ਤੋਂ 8100 ਕਰੋੜ ਰੁਪਏ ਖਰਚ ਹੋਣਗੇ। ਸਮੀਖਿਆ ਰਿਪੋਰਟ 'ਚ ਕੇਂਦਰ ਨੂੰ ਦੱਸਿਆ ਗਿਆ ਕਿ ਹਵਾਈ ਸਟੇਸ਼ਨਾਂ 'ਤੇ ਸੈਨਿਕ ਟਰੂਪਸ ਵੀ ਵਧਾਉਣਗੇ ਪੈਣਗੇ।