ਰੋਨਾ ਨੂੰ 3.2 ਬਿਲੀਅਨ ਡਾਲਰ 'ਚ ਖਰੀਦੇਗੀ ਲੋਵੇਜ਼

Global News

ਕੈਲਗਰੀ, (ਰਾਜੀਵ ਸ਼ਰਮਾ)— ਲੋਵੇਜ਼ ਹੋਮ ਇੰਪਰੂਵਮੈਂਟ ਚੇਨ ਵਲੋਂ ਕਿਊਬਿਕ ਸਥਿਤ ਰੋਨਾ ਇਨਕਾਰਪੋਰੇਸ਼ਨ ਨੂੰ 3.2 ਬਿਲੀਅਨ ਡਾਲਰ 'ਚ ਖਰੀਦਿਆ ਜਾ ਰਿਹਾ ਹੈ। ਇਹ ਸੌਦਾ ਨਕਦ ਹੋਵੇਗਾ। ਇਸ ਕਰਾਰ ਦੇ ਸਿਰੇ ਚੜ੍ਹ ਜਾਣ ਤੋਂ ਬਾਅਦ ਘਰਾਂ 'ਚ ਸੁਧਾਰ (ਮੁਰੰਮਤ) ਆਦਿ ਲਈ ਲੋਵੇਜ਼ ਕੈਨੇਡਾ ਦੀ ਸਿਰਮੌਰ ਕੰਪਨੀ ਬਣ ਜਾਵੇਗੀ। ਦੋਵਾਂ ਕੰਪਨੀਆਂ ਦੇ ਡਾਇਰੈਕਟਰਜ਼ ਤੇ ਮੈਨੇਜਮੈਂਟਜ਼ ਵਲੋਂ ਇਸ ਕਰਾਰ ਲਈ ਹਾਮੀ ਭਰ ਦਿੱਤੀ ਗਈ ਹੈ ਪਰ ਅਜੇ ਇਸ ਕਰਾਰ ਨੂੰ ਸਿਰੇ ਚੜ੍ਹਾਉਣ ਲਈ ਕਈ ਤਰ੍ਹਾਂ ਦੀਆਂ ਹੋਰ ਮਨਜ਼ੂਰੀਆਂ ਲੈਣੀਆਂ ਪੈਣਗੀਆਂ।
 

ਲੋਵੇਜ਼ ਨੇ ਕਈ ਸਾਲ ਪਹਿਲਾਂ ਵੀ ਇਸ ਤਰ੍ਹਾਂ ਦੇ ਕਰਾਰ ਲਈ ਰੋਨਾ ਤੱਕ ਪਹੁੰਚ ਕੀਤੀ ਸੀ ਪਰ ਕਿਊਬਿਕ ਦੀ ਤਤਕਾਲੀ ਸਰਕਾਰ ਅਤੇ ਰੋਨਾ ਦੇ ਕਈ ਅਜ਼ਾਦਾਨਾਂ ਡੀਲਰਾਂ ਕਾਰਨ ਉਹ ਕਰਾਰ ਸਿਰੇ ਨਹੀਂ ਸੀ ਚੜ੍ਹ ਸਕਿਆ। ਰੋਨਾ ਦੇ ਚੇਅਰਮੈਨ ਰੌਬਰਟ ਸ਼ੈਵਰੀਅਰ ਨੇ ਬੁੱਧਵਾਰ ਸਵੇਰੇ ਇਕ ਬਿਆਨ ਜਾਰੀ ਕਰਕੇ ਆਖਿਆ ਕਿ ਲੋਵੇਜ਼ ਦੀ ਟੀਮ ਨੇ ਸਾਨੂੰ ਬਹੁਤ ਵਧੀਆ ਆਫਰ ਦਿੱਤੀ, ਜਿਸ ਨਾਲ ਸਾਡੀ ਕੰਪਨੀ ਦੀ ਬ੍ਰੈਂਡ ਪਾਵਰ ਵੀ ਬਣੀ ਰਹੇਗੀ ਤੇ ਅਸੀਂ ਵਿਸ਼ਵ-ਵਿਆਪੀ ਪੱਧਰ 'ਤੇ ਹੋਰ ਲੋਕਾਂ ਤੱਕ ਵੀ ਪਹੁੰਚ ਕਰ ਸਕਾਂਗੇ। ਲੋਵੇਜ਼ ਦੇ ਚੇਅਰਮੈਨ, ਪ੍ਰੈਜ਼ੀਡੈਂਟ ਤੇ ਚੀਫ ਐਗਜ਼ੈਕਟਿਵ ਰੌਬਰਟ ਨਿਬਲਾਕ ਨੇ ਵੀ ਇਸ ਸੌਦੇ ਨੂੰ ਦੋਵਾਂ ਧਿਰਾਂ ਲਈ ਫਾਇਦੇ ਵਾਲਾ ਦੱਸਿਆ ਹੈ।